Wednesday, December 21, 2022

ਜ਼ਿਲ੍ਹਾ ਪ੍ਰਸ਼ਾਸ਼ਨ, ਪੁਲਿਸ ਦੀ ਭਾਰੀ ਵਾਹਨਾਂ 'ਤੇ ਰਿਫਲੈਕਟਰ ਲਗਾਉਣ ਦੀ ਮੁਹਿੰਮ 'ਚ ਕਰੇਗਾ ਪੂਰਨ ਸਹਿਯੋਗ - ਅਮਰਜੀਤ ਬੈਂਸ

ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਆਯੋਜਿਤ, ਆਮ ਲੋਕਾਂ ਨੂੰ ਰਿਫਲੈਕਟਰ ਤੋਂ ਬਿਨ੍ਹਾਂ ਵਾਹਨ ਨਾ ਚਲਾਉਣ ਦੀ ਵੀ ਕੀਤੀ ਅਪੀਲ

ਲੁਧਿਆਣਾ, 21 ਦਸੰਬਰ - ਸਰਦੀਆਂ ਦੇ ਦਿਨਾਂ ਵਿੱਚ ਸੰਘਣੀ ਧੁੰਦ ਪੈਣ ਕਾਰਨ, ਵਾਹਨਾਂ ਉੱਪਰ ਰਿਫਲੈਕਟਰ ਨਾ ਲੱਗੇ ਹੋਣ ਕਰਕੇ ਬਹੁਤ ਸਾਰੀਆਂ ਅਣਸੁਖਾਵੀਆਂ ਸੜ੍ਹਕ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ। ਜੇਕਰ ਸਾਰੇ ਲੋਕ ਆਪਣੀ ਸਮਾਜਿਕ ਜਿੰਮੇਵਾਰੀ ਸਮਝਦਿਆਂ ਵਾਹਨਾਂ 'ਤੇ ਰਿਫਲੈਕਟਰ ਲਗਾਉਣ ਤਾਂ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਰਜੀਤ ਬੈਂਸ ਵਲੋਂ ਸਥਾਨਕ ਬੱਚਤ ਭਵਨ ਵਿਖੇ ਜ਼ਿਲ੍ਹਾ ਪੱਧਰੀ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਮੀਟਿੰਗ ਦੌਰਾਨ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸ੍ਰੀ ਅਦਿੱਤਿਆ ਡੱਚਲਵਾਲ, ਸਹਾਇਕ ਪੁਲਿਸ ਕਮਿਸ਼ਨਰ ਸ੍ਰੀ ਚਰਨਜੀਵ ਲਾਂਬਾ, ਸਕੱਤਰ ਆਰ.ਟੀ.ਏ. ਸ. ਨਰਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਸ. ਗੁਰਸਿਮਰਨ ਸਿੰਘ ਢਿੱਲੋਂ, ਰਾਹੁਲ ਵਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਸਮੂਹ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਉਨ੍ਹਾਂ ਦੀਆਂ ਸਕੂਲ ਬੱਸਾਂ ਓਵਰ ਸਪੀਡ ਵਿੱਚ ਨਾ ਚੱਲਣ, ਵਾਹਨਾਂ ਦੇ ਬੰਪਰਾਂ 'ਤੇ ਰਿਫਲੈਕਟਰ ਟੇਪ ਲੱਗੀ ਹੋਵੇ, ਬੱਸਾਂ ਵਿੱਚ ਬੱਚਿਆਂ ਦਾ ਹਾਜ਼ਰੀ ਰਜਿਸਟਰ ਮੇਨਟੇਨ ਕੀਤਾ ਜਾਵੇ।ਸ੍ਰੀ ਬੈਂਸ ਵਲੋਂ ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਪੁਰਾਣੇ ਤਿੰਨ ਪਹੀਆ ਵਾਹਨਾਂ ਵਿੱਚ ਭੇਜਣ ਤੋਂ ਗੁਰੇਜ਼ ਕਰਨ। ਉਨ੍ਹਾ ਸਪੱਸ਼ਟ ਕੀਤਾ ਕਿ ਮਾਪਿਆਂ ਵਲੋਂ ਇਹ ਘੋਖ ਪੜਤਾਲ ਕੀਤੀ ਜਾਵੇ ਕਿ ਜਿਹੜੇ ਵਾਹਨ ਵਿੱਚ ਉਨ੍ਹਾਂ ਦੇ ਬੱਚੇ ਸਕੂਲ ਜਾ ਰਹੇ ਹਨ ਉਨ੍ਹਾਂ ਦੀਆਂ ਨੰਬਰ ਪਲੇਟਾਂ ਲੱਗੀਆਂ ਹਨ, ਵਹੀਕਲ ਦੀ ਫਿਟਨੈਸ ਆਦਿ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਅਕਸਰ ਮਾਪਿਆਂ ਵਲੋਂ ਕੁੱਝ ਪੈਸਿਆਂ ਦੀ ਬੱਚਤ ਲਈ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਬੱਚਿਆਂ ਨੂੰ ਗੈਰ-ਕਾਨੂੰਨੀ ਵਹੀਕਲਾਂ ਰਾਹੀਂ ਸਕੂਲ ਭੇਜਿਆਂ ਜਾਂਦਾ ਹੈ ਅਤੇ ਸੀਟਾਂ ਦੀ ਸਮਰੱਥਾ ਤੋਂ ਕਿਤੇ ਜ਼ਿਆਦਾ ਬੱਚੇ ਵਹੀਕਲ ਵਿੱਚ ਲੱਦੇ ਹੁੰਦੇ ਹਨ। ਉਨ੍ਹਾਂ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰਨ, ਲਾਲ ਬੱਤੀ ਦੀ ਉਲੰਘਣਾ, ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ, ਓਵਰ ਸਪੀਡ ਅਤੇ ਓਵਰਲੋਡ ਗੱਡੀਆਂ ਦੇ ਚਾਲਾਨ ਕਰਨ। ਇਸ ਤੋਂ ਇਲਾਵਾ ਦੋ ਪਹੀਆ ਵਾਹਨ ਚਾਲਕਾਂ ਲਈ ਹੈਲਮੇਟ ਪਾਉਣਾ ਯਕੀਨੀ ਬਣਾਇਆ ਜਾਵੇ ਅਤੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਅਚਨਚੇਤ ਨਾਕੇ ਲਗਾਏ ਜਾਣ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਬੈਂਸ ਵਲੋਂ ਨਿਰਦੇਸ਼ ਜਾਰੀ ਕੀਤੇ ਗਏ ਕਿ ਸੇਫ ਸਕੂਲ ਵਾਹਨ ਪਾਲਿਸੀ ਨੂੰ ਇੰਨ ਬਿੰਨ ਲਾਗੂ ਕਰਵਾਉਣ ਲਈ ਚੈਕਿੰਗਾਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸਕੂਲ ਵੈਨਾਂ, ਟਰੱਕਾਂ, ਕੈਂਟਰਾਂ ਅਤੇ ਹੋਰ ਭਾਰੀ ਵਾਹਨਾਂ ਉੱਪਰ ਰਿਫਲੈਕਟਰ ਲਗਾਉਣ ਦੀ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੁਲਿਸ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ, ਕਿਉਂਕਿ ਇਸ ਮੁਹਿੰਮ ਨਾਲ ਵੱਡੇ
ਸੜ੍ਹਕੀ ਹਾਦਸੇ ਬਹੁਤ ਹੱਦ ਤੱਕ ਘਟਾਏ ਜਾ ਸਕਦੇ ਹਨ ਅਤੇ ਇਨ੍ਹਾਂ ਸੰਘਣੀ ਧੁੰਦ ਦੇ ਦਿਨਾਂ ਵਿੱਚ ਇਸਦੀ ਖਾਸ ਤੌਰ 'ਤੇ ਜਰੂਰਤ ਵੀ ਹੈ। ਉਨ੍ਹਾ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਉੱਪਰ ਰਿਫਲੈਕਟਰ ਲਗਾਏ ਤੋਂ ਬਿਨ੍ਹਾਂ ਇਨ੍ਹਾਂ ਨੂੰ ਸੜਕਾਂ ਉੱਪਰ ਨਾ ਚਲਾਉਣ ਕਿਉਂਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਜਾਨ ਜੋਖਮ ਵਿੱਚ ਪੈ ਸਕਦੀ ਹੈ। ਜ਼ਿਲ੍ਹਾ ਪੱਧਰੀ ਰੋਡ ਸੇਫਟੀ ਕਮੇਟੀ ਮੈਂਬਰ ਸ੍ਰੀ ਰਾਹੁਲ ਵਰਮਾ ਵਲੋਂ ਸੁਝਾਅ ਦਿੱਤਾ ਗਿਆ ਕਿ ਦੋ ਪਹੀਆ ਵਾਹਨ ਚਾਲਕ ਵਾਹਨ ਚਲਾਉਣ ਮੌਕੇ ਰਿਫਲੈਕਟਰ ਵਾਲੀ ਜੈਕਟ ਜਾਂ ਰਿਫਲੈਕਟਰ ਬੈਲਟ ਦਾ ਵੀ ਇਸਤੇਮਾਲ ਕਰ ਸਕਦੇ ਹਨ ਜੋਕਿ ਸੰਘਣੀ ਧੁੰਦ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਣ ਵਿੱਚ ਸਹਾਈ ਸਿੱਧ ਹੋ ਸਕਦੀ ਹੈ।

No comments:

Post a Comment