Tuesday, December 06, 2022

ਆਵਾਰਾ ਕੁੱਤਿਆਂ ਦੇ ਇਲਾਜ ਲਈ ਦੋ ਐਂਬੂਲੈਂਸਾਂ ਨੂੰ ਵਿਧਾਇਕ ਗੋਗੀ, ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵਲੋਂ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

- ਲੋਕ 24 ਘੰਟੇ ਪਸ਼ੂ ਬਚਾਓ ਹੈਲਪਲਾਈਨ 78370-18522 'ਤੇ ਕਰ ਸਕਦੇ ਹਨ ਸੰਪਰਕ

ਲੁਧਿਆਣਾ, 6 ਦਸੰਬਰ (ਸੰਜੀਵ ਕੁਮਾਰ ਸ਼ਰਮਾ) - ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ


ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ ਜ਼ਿਲ੍ਹੇ ਵਿੱਚ ਆਵਾਰਾ ਕੁੱਤਿਆਂ ਦੇ ਇਲਾਜ਼ ਲਈ ਦੋ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਜ਼ਿਲ੍ਹਾ ਸੋਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰੂਏਲਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.) ਵੱਲੋਂ ਕਰਵਾਏ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੰਸਥਾ ਦਾ ਗਠਨ ਪਸ਼ੂਆਂ ਪ੍ਰਤੀ ਬੇਰਹਿਮੀ ਨੂੰ ਰੋਕਣ ਅਤੇ ਜ਼ਖ਼ਮੀ/ਬਿਮਾਰ ਪਸ਼ੂਆਂ, ਵੱਡੇ ਅਤੇ ਛੋਟੇ ਦੋਵਾਂ ਦਾ ਮੈਡੀਕਲ ਇਲਾਜ ਕਰਵਾਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਦੋਵੇਂ ਐਂਬੂਲੈਂਸਾਂ ਪੂਰੀ ਤਰ੍ਹਾਂ ਪਸ਼ੂਆਂ ਨੂੰ ਲਾਭ ਪਹੁੰਚਾਉਣਗੀਆਂ ਅਤੇ ਸਮੇਂ ਸਿਰ ਬਿਮਾਰੀਆਂ 'ਤੇ ਕਾਬੂ ਪਾਉਣ ਦੇ ਨਾਲ-ਨਾਲ ਤੁਰੰਤ ਇਲਾਜ ਯਕੀਨੀ ਬਣਾ ਕੇ ਅਨੇਕਾਂ ਪਸ਼ੂਆਂ ਨੂੰ ਮੌਤ ਦੇ ਮੂੰਹ ਵਿਚੋਂ ਬਾਹਰ ਕੱਢਣ ਵਿੱਚ ਵੀ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਅਧਿਐਨ ਅਨੁਸਾਰ ਜ਼ਿਲ੍ਹੇ ਵਿੱਚ ਲਗਭਗ 25000 ਆਵਾਰਾ ਕੁੱਤੇ, 8000 ਬੇਸਹਾਰਾ ਗਊਧਨ, 5000 ਘੋੜੇ, 8000 ਬਿੱਲੀਆਂ ਅਤੇ ਹੋਰ ਜਾਨਵਰ ਹਨ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਲੁਧਿਆਣਾ ਦੀਆਂ ਸੜਕਾਂ 'ਤੇ
ਕੋਈ ਵੀ ਜਾਨਵਰ ਇਲਾਜ ਦੀ ਘਾਟ ਵਿੱਚ ਨਾ ਮਰੇ, ਪਸ਼ੂਆਂ ਨੂੰ ਲੋਕ ਪਿਆਰ ਨਾਲ ਅਪਣਾਉਣ ਤਾਂ ਜੋ ਉਹ ਬੇਸਹਾਰਾ ਨਾ ਰਹਿਣ। ਉਨ੍ਹਾਂ ਦੱਸਿਆ ਕਿ ਲੋਕ ਕਿਸੇ ਵੀ ਆਵਾਰਾ ਕੁੱਤੇ, ਬੇਸਹਾਰਾ ਗਾਵਾਂ ਦੇ ਇਲਾਜ ਲਈ 24×7 ਦਿਨ ਹੈਲਪਲਾਈਨ ਨੰਬਰ 78370-18522 'ਤੇ ਸੰਪਰਕ ਕਰ ਸਕਦੇ ਹਨ ਜਿੱਥੇ ਹਰ ਹੀਲੇ ਉਨ੍ਹਾਂ ਦਾ ਇਲਾਜ਼ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਹੈਲਪਲਾਈਨ ਨੰਬਰ ਰਾਹੀਂ ਪਸ਼ੂਆਂ ਨਾਲ ਹੋਣ ਵਾਲੀਆਂ ਬੇਰਹਿਮੀ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਅਤੇ ਜ਼ਿਲ੍ਹੇ ਵਿੱਚ ਪਸ਼ੂਆਂ ਪ੍ਰਤੀ ਜ਼ੁਲਮ ਨੂੰ ਘਟਾਉਣ ਲਈ ਢੁਕਵੀਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਐਨ.ਜੀ.ਓ ਜ਼ਿਲ੍ਹਾ ਸੋਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰੂਏਲਟੀ ਟੂ ਐਨੀਮਲਜ਼ ਦੇ ਨੁਮਾਇੰਦੇ ਪੂਜਾ ਜੈਨ ਤੋਂ ਇਲਾਵਾ ਹੋਰ ਵੀ ਮੌਜੂਦ ਸਨ। 

No comments:

Post a Comment