ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਵੱਖ ਵੱਖ ਖੇਤੀਬਾੜੀ ਮਸ਼ੀਨਾਂ ਤੇ ਸਬਸਿਡੀ ਲਈ ਅਰਜ਼ੀਆਂ ਦੀ ਮੰਗ: ਮੁੱਖ ਖੇਤੀਬਾੜੀ ਅਫਸਰ
ਲੁਧਿਆਣਾ, 23 ਦਸੰਬਰ - ਪੰਜਾਬ ਰਾਜ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਵੱਖ- ਵੱਖ ਖੇਤੀਬਾੜੀ ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਅਮਨਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ “ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰ.ਕੇ.ਵੀ.ਵਾਈ.)” ਦੀ ਸਬ ਸਕੀਮ “ਫਸਲੀ ਵਿਭਿੰਨਤਾ ਪ੍ਰੋਗਰਾਮ (ਸੀ.ਡੀ.ਪੀ.)” ਤਹਿਤ ਵੱਖ-ਵੱਖ ਖੇਤੀ ਮਸ਼ੀਨਾਂ ਜਿਵੇਂ ਕਿ ਨੈਪਸੈਕ ਸਪਰੇਅਰ(ਹੈਂਡ ਓਪਰੇਟਰ, ਫੁੱਟ ਓਪਰੇਟਰ, ਬੈਟਰੀ ਓਪਰੇਟਰ), ਨੈਪਸੈਕ ਸਪਰੇਅਰ 8-12 ਲੀਟਰ (ਇੰਜਣ ਓਪਰੇਟਰ), ਨੈਪਸੈਕ ਸਪਰੇਅਰ 12-16 ਲੀਟਰ (ਇੰਜਣ ਓਪਰੇਟਰ), ਨੈਪਸੈਕ ਸਪਰੇਅਰ >16ਲੀਟਰ(ਇੰਜਣ ਓਪਰੇਟਰ), ਟਰੈਕਟਰ ਓਪਰੇਟਰ ਸਪਰੇਅਰ(ਏਅਰ ਕੈਰੀਅਰ/ਏਅਰ ਅਸਿਸਟਡ) / ਟਰੈਕਟਰ (ਬੂਮ ਟਾਈਪ), ਬਹੁ-ਫਸਲੀ ਪਲਾਂਟਰ, ਚਾਰੇ ਦੀਆਂ ਗੰਢਾਂ ਬਣਾਉਣ ਲਈ ਮਸ਼ੀਨ( 14-16 ਕਿ.ਗ., 16-25 ਕਿ.ਗ.), ਮਿੱਲਟ ਮਿੱਲ/ਤੇਲ ਮਿੱਲ ਅਤੇ ਨਿਊਮੈਟਿਕ ਪਲਾਂਟਰ ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਕਿਸਾਨਾਂ ਵਲੋਂ ਅਰਜ਼ੀਆ ਦੀ ਮੰਗ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਕਿਸਾਨ 03 ਜਨਵਰੀ, 2023 ਤੱਕ ਵਿਭਾਗ ਦੇ ਵੈੱਬ ਪੋਰਟਲ (http://agrimachinerypb.com) ਤੇ ਆਨਲਾਈਨ ਫਾਰਮ ਭਰਕੇ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। ਨਿਰਧਾਰਿਤ ਸਮੇਂ ਤੱਕ ਪੋਰਟਲ ਤੇ ਪ੍ਰਾਪਤ ਅਰਜ਼ੀਆ ਨੂੰ ਪ੍ਰਵਾਨਗੀ ਜਾਰੀ ਕਰਨ ਲਈ ਲਾਭਪਾਤਰੀਆਂ ਦੀ ਚੋਣ ਵਿਭਾਗ ਵੱਲੋਂ ਪ੍ਰਾਪਤ ਭੌਤਿਕੀ ਤੇ ਵਿੱਤੀ ਟੀਚੇ ਅਨੁਸਾਰ ਕੀਤੀ ਜਾਵੇਗੀ।ਉਨ੍ਹਾਂ ਅੱਗੇ ਦੱਸਿਆ ਕਿ ਚੁਣੇ ਗਏ ਲਾਭਪਾਤਰੀਆਂ ਨੂੰ ਪ੍ਰਵਾਨਗੀ ਜਾਰੀ ਕਰਨ ਉਪਰੰਤ ਮਸ਼ੀਨਾ ਦੀ ਖਰੀਦ ਲਈ ਕਿਸਾਨਾਂ ਨੂੰ 21 ਦਿਨ ਦਾ ਸਮਾਂ ਦਿੱਤਾ ਜਾਵੇਗਾ ਅਤੇ ਲਾਭਪਾਤਰੀ ਕਿਸਾਨ ਵਿਭਾਗ ਵੱਲੋਂ ਪ੍ਰਵਾਨਿਤ ਕਿਸੇ ਵੀ ਮਸ਼ੀਨਰੀ ਨਿਰਮਾਤਾ/ਡੀਲਰ ਕੋਲੋਂ ਆਪਣੀ ਪਸੰਦ ਅਨੁਸਾਰ ਇਹਨਾਂ ਮਸ਼ੀਨਾਂ ਦੀ ਖਰੀਦ ਕਰ ਸਕੇਗਾ। ਉਨ੍ਹਾਂ ਕਿਹਾ ਕਿ ਪ੍ਰਵਾਨਿਤ ਮਸ਼ੀਨਰੀ ਨਿਰਮਾਤਾਵਾਂ/ ਡੀਲਰਾਂ ਦੀ ਸੂਚੀ ਪੋਰਟਲ ਤੇ ਹੀ ਉਪਲੱਬਧ ਕਰਵਾਈ ਜਾਵੇਗੀ ਅਤੇ ਮਸ਼ੀਨਾਂ ਦੀ ਖਰੀਦ ਕਰਨ ਉਪਰੰਤ ਵਿਭਾਗ ਦੇ ਅਧਿਕਾਰੀਆਂ ਵਲੋਂ ਇਹਨਾਂ ਮਸ਼ੀਨਾਂ ਦੀ ਭੌਤਿਕ ਪੜਤਾਲ ਕੀਤੀ ਜਾਵੇਗੀ। ਮੁੱਖ ਖੇਤੀਬਾੜੀ ਅਫਸਰ ਡਾ. ਅਮਨਜੀਤ ਸਿੰਘ ਵਲੋਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ), ਲੁਧਿਆਣਾ ਜਾਂ ਸਬੰਧਤ ਬਲਾਕ ਖੇਤੀਬਾੜੀ ਦਫਤਰਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਜੋ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ।
No comments