ਡਰਾਈਵਿੰਗ ਟੈਸਟ ਸੈਂਟਰ ਦੇ ਮੁਲਾਜਮਾਂ ਉੱਤੇ ਹੋਈ ਪੁਲਿਸ ਕਾਰਵਾਈ ਦੇ ਖਿਲਾਫ ਡੀਸੀ ਦਫਤਰ ਕਰਮਚਾਰੀ ਐਸੋਸੀਏਸ਼ਨ ਉਤਰੀ ਮੈਦਾਨ 'ਚ,ਕਲਮ ਛੋੜ ਕੀਤੀ ਹੜਤਾਲ, ਐਸੋਸੀਏਸ਼ਨ ਦੇ ਵਫਦ ਵੱਲੋਂ ਕਮਿਸ਼ਨਰ ਪੁਲਿਸ ਨਾਲ ਕੀਤੀ ਗਈ ਮੁਲਾਕਾਤ
-> ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵੱਲੋਂ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੂੰ ਲਿਖਿਆ ਗਿਆ ਪੱਤਰ .......
-> ਵਿਧਾਇਕ ਵੱਲੋਂ ਡਰਾਈਵਿੰਗ ਟੈਸਟ ਸੈਂਟਰ ਦੇ ਕਰਮਚਾਰੀਆਂ ਉੱਤੇ ਕੀਤੀ ਕਾਰਵਾਈ ਨੂੰ ਐਸੋਸੀਏਸ਼ਨ ਨੇ ਦੱਸਿਆ ਧੱਕਾ,ਸਮੁੱਚੇ ਸੂਬੇ ਅੰਦਰ ਮੁਲਾਜਮਾਂ ਵੱਲੋਂ ਹੜਤਾਲ ਤੇ ਜਾਣ ਦੀ ਦਿੱਤੀ ਚਿਤਾਵਨੀ ........
ਲੁਧਿਆਣਾ,3 ਜਨਵਰੀ : ਬੀਤੇ ਦਿਨੀ (2 ਜਨਵਰੀ ਸੋਮਵਾਰ) ਨੂੰ ਆਰ ਟੀ ਏ ਅਧੀਨ ਪੈਂਦੇ ਗੌਰਮਿੰਟ ਕਾਲਜ ਦੇ ਪਿੱਛੇ ਬਣੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਤੇ ਲੁਧਿਆਣਾ ਹਲਕਾ ਪੱਛਮੀ ਵਿਧਾਇਕ ਗੁਰਪ੍ਰੀਤ ਬੱਸੀ (ਗੋਗੀ) ਵੱਲੋਂ ਅਚਨਚੇਤ ਕੀਤੀ ਗਈ ਛਾਪੇਮਾਰੀ ਦੌਰਾਨ ਟਰੈਕ ਟਰੈਕ ਤੇ ਕੰਮ ਕਰਦੇ ਮੁਲਾਜਮਾਂ ਉੱਤੇ ਬਿਨੈਕਾਰਾਂ ਵੱਲੋਂ ਕਥਿਤ ਤੌਰ ਤੇ ਪੈਸੇ ਲੈਕੇ ਕੰਮ ਕਰਵਾਉਣ ਦੇ ਇਲਜਾਮ ਲਗਾਏ ਗਏ। ਵਿਧਾਇਕ ਵੱਲੋਂ ਟਰੈਕ ਤੇ ਤਾਇਨਾਤ ਸਿਕਿਊਰਟੀ ਗਾਰਡ ਨਾਲ ਬਹਿਸ ਕੀਤੀ ਗਈ ਅਤੇ ਮੁਲਾਜਮਾਂ ਬਾਰੇ ਪੁੱਛਗਿੱਛ ਕੀਤੀ ਗਈ । ਬਿਨੈਕਾਰਾਂ ਵੱਲੋਂ ਟਰੈਕ ਤੇ ਕੰਮ ਕਰਦੇ ਸਮਾਰਟ ਚਿੱਪ ਕੰਪਨੀ ਦੇ ਮੁਲਾਜਮਾਂ ਉੱਤੇ ਪ੍ਰਾਈਵੇਟ ਵਿਅਕਤੀਆਂ ਨਾਲ ਕਥਿਤ ਮਿਲੀਭੁਗਤ ਨਾਲ ਪੈਸੇ ਲੈਕੇ ਧੋਖਾਧੜੀ ਨਾਲ ਡਰਾਈਵਿੰਗ ਟੈਸਟ ਪਾਸ ਕਰਵਾਉਣ ਦੇ ਇਲਜਾਮਾਂ ਤਹਿਤ ਥਾਣਾ ਡਵੀਜ਼ਨ ਅੱਠ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ । ਬਿਨੈਕਾਰਾਂ ਮੁਤਾਬਿਕ ਜਿਨ੍ਹਾਂ ਵਿਅਕਤੀਆਂ ਵੱਲੋਂ ਪੈਸੇ ਦਿੱਤੇ ਜਾਂਦੇ ਹਨ ਉਨ੍ਹਾਂ ਵਿਅਕਤੀਆਂ ਦਾ ਲਾਇਸੈਂਸ ਪਹਿਲ ਦੇ ਆਧਾਰ ਤੇ ਵੱਖ ਲਾਈਨ ਬਣਾਕੇ ਕਥਿਤ ਧੋਖਾਧੜੀ ਨਾਲ ਬਣਾਕੇ ਦਿੱਤੇ ਜਾਂਦੇ ਹਨ । ਡਰਾਈਵਿੰਗ ਟੈਸਟ ਸੈਂਟਰ ਦੇ ਕਰਮਚਾਰੀਆਂ ਵੱਲੋਂ ਜਿਨ੍ਹਾਂ ਬਿਨੈਕਾਰਾਂ (ਵਿਅਕਤੀਆਂ) ਨੂੰ ਡਰਾਈਵਿੰਗ ਪੂਰੀ ਤਰ੍ਹਾਂ ਨਹੀਂ ਵੀ ਆਉਂਦੀ ਉਨ੍ਹਾਂ ਵਿਅਕਤੀਆਂ ਦੀ ਥਾਂ ਹੋਰ ਵਿਅਕਤੀਆਂ ਦਾ ਡਰਾਈਵਿੰਗ ਟੈਸਟ ਦਿਲਵਾਕੇ ਡਰਾਈਵਿੰਗ ਲਾਈਸੈਂਸ ਬਣਾਏ ਜਾਂਦੇ ਹਨ । ਇਨ੍ਹਾਂ ਇਲਜਾਮਾਂ ਦੇ ਚਲਦਿਆਂ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਵੱਲੋਂ ਸਿਕਿਊਰਟੀ ਗਾਰਡ ਸਮੇਤ ਟਰੈਕ ਤੋਂ ਦੇ ਹੋਰ ਸਮਾਰਟ ਚਿੱਪ ਕੰਪਨੀ ਦੇ ਮੁਲਾਜਮਾਂ ਉੱਤੇ ਧਾਰਾ 419,420,336,120-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ । ਪੁਲਿਸ ਵੱਲੋਂ ਤਿੰਨੇ ਮੁਲਾਜਮਾਂ ਨੂੰ ਕਾਬੂ ਕੀਤੇ ਜਾਨ ਮਗਰੋਂ ਆਰ ਟੀ ਏ ਦਫਤਰ ਸਹਿਤ ਡੀਸੀ ਦਫਤਰ ਮੁਲਾਜਮਾਂ ਵੱਲੋਂ ਟਰੈਕ ਦੇ ਮੁਲਾਜਮਾਂ ਦਾ ਪੱਖ ਪੂਰਦਿਆਂ ਮੰਗਲਵਾਰ ਨੂੰ ਕਲਮ ਛੋੜ ਹੜਤਾਲ ਕਰ ਦਿੱਤੀ ਜਿਸਦੇ ਚਲਦਿਆਂ ਆਰ ਟੀ ਏ ਦਫਤਰ,ਡਰਾਈਵਿੰਗ ਟੈਸਟ ਟਰੈਕ ਅਤੇ ਡੀਸੀ ਦਫਤਰ ਵਿੱਖੇ ਕੰਮ ਕਰਵਾਉਣ ਵਾਲੇ ਬਿਨੈਕਾਰਾਂ ਨੂੰ ਦਿੱਕਤਾਂ ਪੇਸ਼ ਆਈਆਂ । ਪੁਲਿਸ ਵੱਲੋ ਕਾਬੂ ਕੀਤੇ ਟਰੈਕ ਦੇ ਮੁਲਾਜਮਾਂ ਉੱਤੇ ਦਰਜ ਮਾਮਲਾ ਰੱਦ ਕਰਨ ਅਤੇ ਉਨ੍ਹਾਂ ਨੂੰ ਰਿਹਾ ਕਰਨ ਦੀ ਮੰਗ ਕਰਦਿਆਂ ਮੁਲਾਜਮ ਜੱਥੇਬੰਦੀ ਵੱਲੋਂ ਕਮਿਸ਼ਨਰ ਪੁਲਿਸ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਮੁਲਾਜਮ ਜੱਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਵਾਇਆ ਕਿ ਮਾਮਲੇ ਦੀ ਪੜਤਾਲ ਕਰਕੇ ਇਨਸਾਫ ਕੀਤਾ ਜਾਵੇਗਾ।
ਦੂਜੇ ਪਾਸੇ ਡੀਸੀ ਦਫਤਰ ਕਰਮਚਾਰੀ ਐਸੋਸੀਏਸ਼ਨ ਵੱਲੋਂ ਪੁਲਿਸ ਵੱਲੋ ਕਾਬੂ ਕੀਤੇ ਗਏ ਆਰ ਟੀ ਏ ਦਫਤਰ (ਡਰਾਈਵਿੰਗ ਟੈਸਟ ਸੈਂਟਰ) ਦੇ ਮੁਲਾਜਮਾਂ ਦਾ ਪੱਖ ਪੂਰਦਿਆਂ ਮੰਗਲਵਾਰ ਨੂੰ ਕਲਮ ਛੋੜ ਹੜਤਾਲ ਕਰ ਦਿੱਤੀ ਗਈ ਅਤੇ ਸਾਰੇ ਹੀ ਮੁਲਾਜਮਾਂ ਦੀ ਇੱਕ ਸਾਂਝੀ ਮੀਟਿੰਗ ਵੀ ਹੋਈ। ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਮੁਲਾਜਮਾਂ ਵੱਲੋਂ ਵੀ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਡੀਸੀ ਦਫਤਰ ਕਰਮਚਾਰੀ ਐਸੋਸੀਏਸ਼ਨ ਅਤੇ ਆਰ ਟੀ ਏ ਦਫਤਰ ਮੁਲਾਜਮਾਂ ਦਾ ਇੱਕ ਵਫਦ ਕਮਿਸ਼ਨਰ ਪੁਲਿਸ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਮਾਮਲੇ ਤੋਂ ਜਾਣੂ ਕਰਵਾਇਆ। ਵਫਦ ਮੁਤਾਬਿਕ ਕਮਿਸ਼ਨਰ ਪੁਲਿਸ ਵੱਲੋਂ ਉਨ੍ਹਾਂ ਨੂੰ ਮਾਮਲੇ ਦੀ ਪੜਤਾਲ ਕਰਕੇ ਇਨਸਾਫ ਦਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਦੇਰ ਸ਼ਾਮ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵੱਲੋਂ ਉਕਤ ਮਾਮਲੇ ਵਿੱਚ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੂੰ ਲਿਖੇ ਗਏ ਪੱਤਰ ਬਾਰੇ ਜਾਣਕਾਰੀ ਹਾਸਲ ਹੋਈ ਜਿਸ ਵਿੱਚ ਕਿਹਾ ਗਿਆ ਹੈ ਕਿ ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਸਾਲ ਦੇ ਪਹਿਲੇ ਕੰਮਕਾਜ ਵਾਲੇ ਦਿਨ (2 ਜਨਵਰੀ) ਨੂੰ ਡਰਾਈਵਿੰਗ ਟੈਸਟ ਸੈਂਟਰ ਦੇ ਮੌਜੂਦਾ ਸਿਕਿਊਰਟੀ ਗਾਰਡ ਨਾਲ ਬਹਿਸ ਕੀਤੀ ਗਈ ਤੇ ਤਿੰਨ ਕਰਮਚਾਰੀਆਂ ਉੱਤੇ ਬਿਨਾ ਕਿਸੇ ਕਸੂਰ ਦੇ ਪੁਲਿਸ ਦੇ ਹਵਾਲੇ ਕਰਵਾ ਦਿੱਤਾ ਗਿਆ ਜੋ ਸਰਾਸਰ ਧੱਕਾ ਹੈ। ਐਸੋਸੀਏਸ਼ਨ ਵੱਲੋਂ ਭੇਜੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਵਿਧਾਇਕ ਵੱਲੋਂ ਕੀਤੀ ਗਈ ਉਕਤ ਕਾਰਵਾਈ ਨਿੰਦਣਯੋਗ ਹੈ ਤੇ ਜੇਕਰ ਵਿਧਾਇਕ ਵੱਲੋਂ ਆਪਣੀ ਗਲਤੀ ਨਹੀਂ ਮੰਨੀ ਗਈ ਤਾਂ ਇਸਦੇ ਵਿਰੋਧ ਵਿੱਚ ਸਮੁੱਚੇ ਸੂਬੇ ਦੇ ਮੁਲਾਜਮ ਹੜਤਾਲ ਤੇ ਚਲੇ ਜਾਣਗੇ ਜਿਸਦੀ ਪੂਰੀ ਜਿੰਮੇਵਾਰੀ ਵਿਧਾਇਕ ਅਤੇ ਮੌਜੂਦਾ ਸਰਕਾਰ ਦੀ ਹੋਵੇਗੀ।
ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਕੀਤੀ ਪ੍ਰੈਸ ਕਾਨਫਰੰਸ ----ਆਰ ਟੀ ਏ ਡਰਾਈਵਿੰਗ ਟੈਸਟ ਸੈਂਟਰ ਦੇ ਮੁਲਾਜਮਾਂ ਉੱਤੇ ਹੋਈ ਕਾਰਵਾਈ ਸੰਬਧੀ ਡੀਸੀ ਦਫਤਰ ਮੁਲਾਜਮਾਂ ਵੱਲੋਂ ਕੀਤੀ ਗਈ ਹੜਤਾਲ ਬਾਰੇ ਵਿਧਾਇੱਕ ਲੁਧਿਆਣਾ ਹਲਕਾ ਪੱਛਮੀ ਗੁਰਪ੍ਰੀਤ ਬੱਸੀ ਗੋਗੀ ਨੇ ਕਿਹਾ ਕਿ ਸਰਕਾਰੀ ਮੁਲਾਜਮਾਂ ਵੱਲੋਂ ਭ੍ਰਿਸ਼ਟ ਪ੍ਰਈਵੇਟ ਕੰਪਨੀ ਦੇ ਮੁਲਾਜਮਾਂ ਦੇ ਹੱਕ ਵਿੱਚ ਕਲਮ ਛੋੜ ਹੜਤਾਲ ਕੀਤੀ ਜਾਣੀ ਠੀਕ ਨਹੀਂ ਹੈ। ਜੇਕਰ ਕੋਈ ਮੁਲਾਜਮ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਉਸਨੂੰ ਨੱਥ ਪਾਉਣ ਲਈ ਕਾਰਵਾਈ ਕਰਨਾ ਗੱਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬਧੀ ਉਨ੍ਹਾਂ ਵੱਲੋਂ ਪ੍ਰਿੰਸੀਪਲ ਸਕੱਤਰ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਆਰ ਟੀ ਏ ਦਫਤਰ ਦੇ ਮੁਲਾਜਮਾਂ ਖਿਲ਼ਾਫ ਆਰ ਟੀ ਏ ਸਕੱਤਰ ਨੂੰ ਸ਼ਿਕਾਇਤ ਮਿਲਦੀ ਹੈ ਤਾਂ ਉਹ ਕਾਰਵਾਈ ਕਿਉ
ਨਹੀਂ ਕਰਦੇ ? ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੀ ਗੋਗੀ ਬੇ ਕਿਹਾ ਕਿ ਉਨ੍ਹਾਂ ਵੱਲੋਂ ਜਿਲ੍ਹਾ ਆਰ ਟੀ ਏ ਸਕੱਤਰ ਨਾਲ ਵੀ ਗੱਲ ਕੀਤੀ ਗਈ ਹੈ ਪਰ ਜਦੋਂ ਵੀ ਉਨ੍ਹਾਂ ਨਾਲ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਇੱਕੋ ਜਵਾਬ ਹੁੰਦਾ ਹੈ ਕਿ ਕੋਈ ਨਹੀਂ ਦੇਖ ਲੈਂਦਾ ਹਨ । ਉਨ੍ਹਾਂ ਕਿਹਾ ਕਿ ਸਰਕਾਰ ਦਾ ਇੱਕੋ ਸਪਨਾ ਹੈ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਨਾ ਜਿਸ ਤੇ ਡੱਟ ਕੇ ਪਹਿਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਮੁਲਾਜਮ ਗਲਤ ਪਾਏ ਗਏ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਖਤਮ ਕਰਨ ਵਿੱਚ ਆਮ ਲੋਕਾਂ ਨੂੰ ਸਰਕਾਰ ਦਾ ਡੱਟ ਕੇ ਸਾਥ ਦੇਣਾ ਚਾਹੀਦਾ ਹੈ।
Post Comment
No comments