ਕਮਿਸ਼ਨਰੇਟ ਪੁਲਿਸ ਵਲੋਂ ਨਸ਼ਾ ਤਸਕਰਾਂ ਦੀਆਂ 1.63 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ #indialive24 #ludhiana #punjab #police #cp

ਲੁਧਿਆਣਾ, 24 ਮਾਰਚ - ਕਮਿਸ਼ਨਰੇਟ ਪੁਲਿਸ ਲੁਧਿਆਣਾ ਵਲੋਂ ਤਿੰਨ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ ਜਿਸਦੀ ਕੁੱਲ ਕੀਮਤ ਕਰੀਬ 1.63 ਕਰੋੜ ਰੁਪਏ ਹੈ। ਇਨ੍ਹਾਂ ਸੰਪਤੀਆਂ ਵਿੱਚ ਵਪਾਰਕ ਦੁਕਾਨਾਂ ਅਤੇ ਰਿਹਾਇਸ਼ੀ ਘਰ ਦੋਵੇਂ ਸ਼ਾਮਲ ਹਨ। ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ ਅਤੇ ਐਨ.ਡੀ.ਪੀ.ਐਸ. ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਤਿੰਨ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲਲਤੋਂ ਕਲਾਂ ਦੇ ਹੁਸ਼ਿਆਰ ਸਿੰਘ ਦੀ ਉਸਦੇ ਪਿੰਡ ਵਿੱਚ ਤਿੰਨ ਰਿਹਾਇਸ਼ੀ ਮਕਾਨਾਂ ਅਤੇ ਇੱਕ ਦੁਕਾਨ ਸਮੇਤ 1.08 ਕਰੋੜ ਰੁਪਏ ਦੀ ਜਾਇਦਾਦ ਹੈ। ਨਿਊ ਸੁੰਦਰ ਨਗਰ ਦੇ ਵਸਨੀਕ ਸਤਨਾਮ ਸਿੰਘ ਦੀ ਇਕ ਮੈਡੀਕਲ ਦੀ ਦੁਕਾਨ, 100 ਵਰਗ ਗਜ਼ ਜ਼ਮੀਨ 'ਤੇ ਖਾਲੀ ਪਈਆਂ ਦੋ ਦੁਕਾਨਾਂ ਅਤੇ ਆਸ਼ਿਆਨਾ ਕਾਲੋਨੀ ਦੇ ਵਿਕਾਸ ਕੁਮਾਰ ਦੇ ਰਿਹਾਇਸ਼ੀ ਮਕਾਨ ਨੂੰ ਵੀ ਪੁਲਿਸ ਵਲੋਂ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ
ਜਾਇਦਾਦਾਂ ਨੂੰ ਜ਼ਬਤ ਕਰਨ ਲਈ ਐਨ.ਡੀ.ਪੀ.ਐਸ. ਐਕਟ ਦੀ 68-ਐਫ ਧਾਰਾ ਦੀ ਵਰਤੋਂ ਕੀਤੀ ਸੀ। ਕਮਿਸ਼ਨਰ ਸਿੱਧੂ ਨੇ ਕਿਹਾ ਕਿ ਦੋਸ਼ੀਆਂ ਦੀ ਜਾਇਦਾਦ ਨੂੰ ਜ਼ਬਤ ਕਰਨ ਨਾਲ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ 'ਤੇ ਰੋਕ ਲੱਗੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸਮਾਜ ਦੇ ਹੋਰ ਨਸ਼ਾ ਤਸਕਰਾਂ ਨੂੰ ਵੀ ਸਖ਼ਤ ਸੰਦੇਸ਼ ਜਾਵੇਗਾ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਾਇਦਾਦ ਜ਼ਬਤ ਕਰਨ ਨਾਲ ਨਸ਼ਾ ਤਸਕਰਾਂ ਦੀ ਰੀੜ੍ਹ ਦੀ ਹੱਡੀ ਅਤੇ ਆਰਥਿਕ ਸਹਾਇਤਾ ਪ੍ਰਣਾਲੀ ਨੂੰ ਤੋੜਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਅਸੀਂ ਸਬੰਧਤ ਅਧਿਕਾਰੀਆਂ ਕੋਲ ਅਜਿਹੇ ਹੋਰ ਕਈ ਕੇਸਾਂ ਦੀ ਪੈਰਵੀ ਕਰ ਰਹੇ ਹਾਂ ਅਤੇ ਹੋਰ ਜਾਇਦਾਦਾਂ ਨੂੰ ਜ਼ਬਤ ਕਰਾਂਗੇ।

No comments:

Post a Comment