ਵਿਧਾਇਕ ਪੱਪੀ ਪਰਾਸ਼ਰ ਵਿਦੇਸ਼ ਤੋਂ ਡਿਪੋਰਟ ਹੋਏ ਪੰਜਾਬੀਆਂ ਦੇ ਹੱਕ 'ਚ ਨਿੱਤਰੇ
ਵਿਧਾਨ ਸਭਾ ਸੈਸ਼ਨ ਦੌਰਾਨ ਵੱਖ-ਵੱਖ 12 ਨੌਜਵਾਨਾਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਕਰਨ ਦਾ ਕੀਤਾ ਐਲਾਨ
ਲੁਧਿਆਣਾ - ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਦੇਸ਼ੀ ਧਰਤੀ ਤੋਂ ਡਿਪੋਰਟ ਹੋਏ ਪੰਜਾਬੀਆਂ ਦੇ ਸਹਿਯੋਗ ਲਈ ਅੱਗੇ ਆਏ ਹਨ। ਉਨ੍ਹਾਂ ਵਿਦੇਸ਼ ਤੋਂ ਪਰਤੇ ਵੱਖ-ਵੱਖ 12 ਨੌਜਵਾਨਾਂ ਲਈ ਆਪਣੀ ਜੇਬ ਵਿੱਚੋਂ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਕਰਨ ਦਾ ਐਲਾਨ ਕੀਤਾ ਹੈ। ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕ ਪੱਪੀ ਨੇ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਨੌਜਵਾਨੀ ਦੇ ਉੱਜਵਲ ਭਵਿੱਖ
ਲਈ ਹਮੇਸ਼ਾਂ ਤੱਤਪਰ ਰਹੀ ਹੈ ਪਰ ਇਸ ਔਖੀ ਘੜੀ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿਹੜੇ ਨੌਜਵਾਨ ਰੋਜੀ-ਰੋਟੀ ਕਮਾਉਣ ਲਈ ਬਾਹਰਲੇ ਮੁਲਕਾਂ ਵਿੱਚ ਗਏ ਸਨ ਪਰ ਖਾਲੀ ਹੱਥ ਪਰਤੇ ਹਨ, ਉਨ੍ਹਾਂ ਦੀ ਬਾਂਹ ਫੜੀ ਜਾਵੇ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਰੀਬ 15 ਸਾਲਾਂ ਤੋਂ ਲੁਧਿਆਣਾ ਸ਼ਹਿਰ ਵਿੱਚ ਸ੍ਰੀ ਬਾਲਾ ਜੀ ਦੀ ਰੱਥ ਯਾਤਰਾ ਕੱਢਦੇ ਆ ਰਹੇ ਹਨ, ਪਰ ਇਸ ਵਾਰ ਨਿਵੇਕਲੀ ਪਹਿਲਕਦਮੀ ਕਰਦਿਆਂ ਰੱਥ ਯਾਤਰਾ ਇੱਕਲੇ ਝੰਡੇ ਨਾਲ ਕੱਢੀ ਜਾਵੇਗੀ ਅਤੇ ਰੱਥ ਯਾਤਰਾ 'ਤੇ ਖਰਚ ਕੀਤੀ ਜਾਣ ਵਾਲੀ ਕਰੀਬ 6 ਲੱਖ ਰੁਪਏ ਦੀ ਰਾਸ਼ੀ ਨੂੰ 12 ਨੌਜਵਾਨਾਂ ਦੇ ਘਰਾਂ ਵਿੱਚ ਵੰਡਿਆ ਜਾਵੇਗਾ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਇਸ ਨੇਕ ਕਾਰਜ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਵੇ ਤਾਂ ਜੋ ਵਿਦੇਸ਼ਾਂ ਤੋਂ ਡਿਪੋਰਟ ਹੋਏ ਪੰਜਾਬੀਆਂ ਦੀ ਮੱਦਦ ਕੀਤੀ ਜਾ ਸਕੇ।
Post Comment
No comments