Friday, March 10, 2023

ਭਗਵੰਤ ਮਾਨ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਸਰਕਾਰ ਦੀ ਨੀਤੀ ਅਤੇ ਨੀਅਤ ਦੋਵਾਂ ਦੀ ਖਾਮੀਆਂ ਨੂੰ ਦਰਸਾਉਂਣ ਵਾਲਾ: ਜੀਵਨ ਗੁਪਤਾ

ਪੰਜਾਬ ਸਰਕਾਰ ਬਜਟ ਵਿੱਚ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਭੱਜੀ: ਜੀਵਨ ਗੁਪਤਾ
ਪੰਜਾਬ ਸਰਕਾਰ ਨੇ ਬਜਟ ਹਵਾਈ ਖਿਆਲਾਂ ਵਾਲਾ, ਪੰਜਾਬੀਆਂ ਨਾਲ ਕੀਤਾ ਧੋਖਾ: ਜੀਵਨ ਗੁਪਤਾ

ਲੁਧਿਆਣਾ: 10 ਮਾਰਚ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਵਿਧਾਨ ਸਭਾ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਲ 2023-24 ਲਈ ਪੇਸ਼ ਕੀਤੇ ਬਜਟ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਸਰਕਾਰ ਦੀ ਨੀਤੀ ਅਤੇ ਨੀਅਤ ਦੋਵਾਂ ਵਿੱਚ ਬਹੁਤ ਵੱਡੀ ਖਾਮੀ ਸਾਫ਼ ਨਜਰ ਆਉਂਦੀ ਹੈ। ਭਗਵੰਤ ਮਾਨ ਸਰਕਾਰ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਭੱਜ ਰਹੀ ਹੈ। ਕੇਜਰੀਵਾਲ, ਭਗਵੰਤ ਮਾਨ ਅਤੇ ਇਨ੍ਹਾਂ ਦੇ ਲੀਡਰਾਂ ਨੇ ਜਨਤਾ ਨੂੰ ਝੂਠੇ ਵਾਅਦਿਆਂ ਦੇ ਸੁਨਹਿਰੀ ਸੁਪਨੇ ਦਿਖਾ ਕੇ ਸੱਤਾ ਤਾਂ ਹਾਸਲ ਕੀਤੀ, ਪਰ ਜਨਤਾ ਨੂੰ ਦਿੱਤੀਆਂ ਗਰੰਟੀਆਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ। ਇਸ ਬਜਟ ਤੋਂ ਜਨਤਾ ਨੂੰ ਵੱਡੀਆਂ ਉਮੀਦਾਂ ਸਨ, ਪਰ ਭਗਵੰਤ ਮਾਨ ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ।

ਜੀਵਨ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਵਲੋਂ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦੀ ਗਰੰਟੀ ਦਾ ਭਗਵੰਤ ਮਾਨ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ। ਮੁਲਾਜ਼ਮਾਂ ਲਈ ਜੋ ਪੁਰਾਣੀ ਪੈਨਸ਼ਨ ਸਕੀਮ (ਓ.ਪੀ.ਐਸ.) ਲਾਗੂ ਕੀਤੀ ਗਈ ਹੈ, ਉਸ ਬਾਰੇ ਵੀ ਬਜਟ ਵਿੱਚ ਕੁਝ ਨਹੀਂ ਕਿਹਾ ਗਿਆ। ਭਗਵੰਤ ਮਾਨ ਸਰਕਾਰ ਨੇ ਇਸ ਵਾਰ ਬਜਟ ਵਿੱਚ ਵੀ ਜਨਤਾ ਨੂੰ ਸਿਰਫ ਝੂਠੇ ਸੁਪਨੇ ਹੀ ਦਿਖਾਏ ਹਨ। ਪੇਂਡੂ ਵਿਕਾਸ 'ਤੇ ਖਰਚ 3,058 ਕਰੋੜ ਰੁਪਏ ਤੋਂ ਘਟਾ ਕੇ 2,361 ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਜੋ ਲਗਭਗ 25% ਦੀ ਕਮੀ ਹੈ। ਉਦਯੋਗ ਅਤੇ ਖਣਿਜਾਂ 'ਤੇ ਖਰਚਾ 530 ਕਰੋੜ ਰੁਪਏ ਤੋਂ ਘਟ ਕੇ 454 ਕਰੋੜ ਰੁਪਏ ਰਹਿ ਗਿਆ ਹੈ। ਸੂਬੇ ਵਿੱਚੋਂ ਉਦਯੋਗ ਪਹਿਲਾਂ ਹੀ ਪਲਾਇਨ ਕਰ ਰਹੇ ਹਨ ਅਤੇ ਕੋਈ ਵੀ ਨਿਵੇਸ਼ਕ ਪੰਜਾਬ ਵਿੱਚ ਆਪਣਾ ਉਦਯੋਗ ਲਗਾਉਣ ਲਈ ਸਹਿਮਤ ਨਹੀਂ ਹੋ ਰਿਹਾ ਹੈ। ਪੰਜਾਬ ਪਹਿਲਾਂ ਹੀ 3,00,000 ਲੱਖ ਕਰੋੜ ਦੇ ਵਧ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ ਅਤੇ ਪਿਛਲੇ 11 ਮਹੀਨਿਆਂ ਵਿੱਚ ਭਗਵੰਤ ਮਾਨ ਸਰਕਾਰ ਨੇ 30,000 ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ਾ

ਲਿਆ ਹੈ। ਜੀਵਨ ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਇਸ਼ਤਿਹਾਰਾਂ ਦੀ ਸਰਕਾਰ ਹੈ। ਇਹ ਲੋਕ ਹਵਾਈ ਕਿਲ੍ਹਿਆਂ ਵਿੱਚ ਰਹਿੰਦੇ ਹਨ, ਇਨ੍ਹਾਂ ਦਾ ਜ਼ਮੀਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ‘ਤੋਂ ਜੇਕਰ ਕੁਝ ਸਪੱਸ਼ਟ ਹੁੰਦਾ ਹੈ ਤਾਂ ਉਹ ਇਹ ਹੈ ਕਿ ਇਸ ਬਜਟ ਵਿੱਚ ਭਰੋਸੇਯੋਗਤਾ ਅਤੇ ਪਾਰਦਰਸ਼ਤਾ ਦੀ ਵੱਡੀ ਘਾਟ ਹੈ। ਪੰਜਾਬ ਸਰਕਾਰ ਦੇ ਹੁਣ ਤੱਕ ਦੇ ਉਗਰਾਹੀ ਦੇ ਰੁਝਾਨ ਨੂੰ ਦੇਖਦੇ ਹੋਏ ਪੰਜਾਬ ਦੇ ਬਜਟ ਦੇ ਸੋਧੇ ਹੋਏ ਅਨੁਮਾਨਾਂ ਵਿੱਚ ਦਰਸਾਏ ਗਏ ਅੰਕੜੇ ਕਿਸੇ ਵੀ ਸੂਰਤ ਵਿੱਚ ਹਾਸਿਲ ਹੋਣ ਦੀ ਸੰਭਾਵਨਾ ਨਹੀਂ ਹੈ। ਜੀਵਨ ਗੁਪਤਾ ਨੇ ਸਵਾਲ ਕੀਤਾ ਕਿ ਅਜਿਹੇ 'ਚ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਅੰਕੜਿਆਂ ਮੁਤਾਬਕ ਪੈਸਾ ਕਿੱਥੋਂ ਆਵੇਗਾ?

No comments:

Post a Comment